ਨਾਨਕਸ਼ਾਹੀ ਕੈਲੰਡਰ ਦਾ - TopicsExpress



          

ਨਾਨਕਸ਼ਾਹੀ ਕੈਲੰਡਰ ਦਾ ਅਡੰਬਰ – ਅਮਰਜੀਤ ਕੌਰ ਬੈਲਜੀਅਮ (ਨਾਨਕਸ਼ਾਹੀ ਕੈਲੰਡਰ ਦਾ ਅਡੰਬਰ) ਪੁਰਾਤਨ ਿਸੱਖ ਕੈਲੰਡਰ ਦਾ ਿਵਰੋਧ ਕਰਨ ਵਾਲੇ ਸੱਜਨਾ ਵਲੋ ਉਠਾਏ ਗਏ ਸਵਾਲਾ ਦੇ ਜਬਾਬ -ਅਮਰਜੀਤ ਕੌਰ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਦਿੱਤੇ ਗਏ ਮੰਗ ਪੱਤਰ ਦੀਆਂ ਦਲੀਲਾਂ ਨੂੰ ਜੇਕਰ ਧਿਆਨ ਨਾਲ ਵਾਚਿਆ ਜਾਏ ਤਾਂ ਇਹ ਸਿਰਫ ਇੱਕ ਅਡੰਬਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ।ਇਸ ਨੂੰ ਜੇਕਰ ਨਿਰੇ ਝੂਠ ਦੀ ਪਟਾਰੀ ਆਖਿਆ ਜਾਵੇ ਤਾਂ ਕੋਈ ਅਤਿ ਕੱਥਨੀ ਨਹੀਂ ਹੋਏਗੀ।ਇਸਦੀ ਸ਼ੁਰੂਆਤ ਕਨੇਡਾ ਸਰਕਾਰ ਵਲੋਂ ਮੰਗੀ ਸਿੱਖਾਂ ਦੀਆਂ ਧਾਰਮਿਕ ਛੁੱਟੀਆਂ ਦੀ ਬੱਝਵੀਆਂ ਤਰੀਖਾਂ ਦੀ ਸੂਚੀ ਤੋਂ ਕੀਤੀ ਗਈ ਹੈ।ਮੰਗ ਪੱਤਰ ਅਨੁਸਾਰ :- Awp jI nUM ਭਲੀਭਾਂਤ ਚੇਤਾ ਹੋਵੇਗਾ ਕਿ ਗੁਰਪੁਰਬਾਂ ਦੇ ਦਿਹਾੜੇ ਬੱਝਵੀਆਂ ਤਰੀਖਾਂ ਨੂੰ ਨਾ ਆਉਣ ਕਰਕੇ ਹਰ ਸਾਲ ਹੀ ਦੁਨੀਆਂ ਦੇ ਲੋਕਾਂ ਦੇ ਸਾਹਮਣੇ ਸਿੱਖਾਂ ਦੀ ਹਾਲਤ ਉਸ ਸਮੇਂ ਬਹੁਤ ਹੀ ਹਾਸੋਹੀਣੀ ਹੋ ਜਾਂਦੀ ਹੈ ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬਾਂ ਦੀਆਂ ਸਹੀ ਸਹੀ ਤਰੀਖਾਂ ਹੀ ਨਹੀਂ ਦੱਸ ਸਕਦੇ। ਗੁਰਪੁਰਬਾਂ ਦੀਆਂ ਸਹੀ ਤਰੀਖਾਂ ਜੇਕਰ ਕਿਸੇ ਨੂੰ ਨਹੀਂ ਪਤਾ ਤਾਂ ਇਸ ਵਿੱਚ ਬਿਕਰਮੀ ਕੈਲੰਡਰ ਦਾ ਕੀ ਦੋਸ਼?ਸਿੱਖ ਇਤਿਹਾਸ ਦੇ ਮੁਤਾਬਕ ਸਿੱਖਾਂ ਕੋਲ ਗੁਰੂ ਕਾਲ ਦੇ ਪ੍ਰਚਲਿਤ ਕੈਲੰਡਰ ਮੁਤਾਬਿਕ ਆਪਣੀਆਂ ਸਾਰੀਆਂ ਮਿਤੀਆਂ ਮੌਜੂਦ ਹਨ,ਜਿਹਨਾਂ ਮੁਤਾਬਿਕ ਉਦੋਂ ਤੋਂ ਲੈਕੇ ਹੁਣ ਤੱਕ ਗੁਰਪੁਰਬ ਮਨਾਏ ਜਾਂਦੇ ਰਹੇ ਹਨ।ਅੰਗਰੇਜੀ ਕੈਲੰਡਰ ਮੁਤਾਬਿਕ ਆਪਣੀਆਂ ਮਿਤੀਆਂ ਨੂੰ ਨਿਰਧਾਰਿਤ ਕਰਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੈਥੋਲਿਕ ਜਗਤ ਵਿੱਚ ਸਿਵਾਏ 25 ਦਸੰਬਰ ਅਤੇ 15 ਅਗਸਤ ਤੋਂ ਉਹਨਾਂ ਦੀਆਂ ਕੋਈ ਮਿਤੀਆਂ ਬੱਝਵੀਆਂ ਨਹੀਂ ਹਨ,ਈਸਟਰ ਅਤੇ ਬਾਕੀ ਸਾਰੇ ਧਾਰਮਿਕ ਤਿਉਹਾਰ ਚੰਦਰਮਾਂ ਅਨੁਸਾਰ ਹੀ ਮਨਾਏ ਜਾਂਦੇ ਹਨ।ਜੇਕਰ ਉਹਨਾਂ ਦੀਆ ਮਿਤੀਆਂ ਬੱਝਵੀਆਂ ਨਾਂ ਹੋਣ ਤੇ ਉਹਨਾਂ ਦੀ ਹਾਲਤ ਹਾਸੋਹੀਣੀ ਨਹੀਂ ਹੁੰਦੀ ਤਾਂ ਇਹਨਾਂ ਸਿੱਖਾਂ ਦੀ ਕਿਉਂ ਹੋ ਰਹੀ ਹੈ?ਉਦਾਹਰਣ ਦੇ ਤੌਰ ਤੇ 2015 ਅਤੇ 2016 ਦੇ ਈਸਾਈ ਜਗਤ ਦੇ ਤਿਉਹਾਰ ਜਰਾ ਧਿਆਨ ਨਾਲ ਵੇਖੋ:- Thursday 01/01/2015 New Year Sunday 05/04/2015 Easter Monday 06/04/2015 Easter Monday Thursday 14/05/2015 Ascension Sunday 24/05/2015 Pentecost Monday 25/05/2015 Pentecost Monday Saturday 15/08/2015 Assumption of Mary Friday 25/12/2015 Christmas Friday 01/01/2016 New Year Sunday 27/03/2016 Easter Monday 28/03/2016 Easter Monday Thursday 05/05/2016 Ascension Sunday 15/05/2016 Pentecost Monday 16/05/2016 Pentecost Monday Monday 15/08/2016 Assumption of Mary Sunday 25/12/2016 Christmas web-calendar.org/en/holidays/belgium/2016 ਜਰਾ ਹੁਣ ਤੁਲਨਾਂ ਕਰੋ ਸਿਰਫ ਈਸਟਰ ਦੀ।2015 ਵਿੱਚ 05 ਅਪਰੈਲ ਅਤੇ 2016 ਵਿੱਚ 28 ਮਾਰਚ।ਇਸਾਈ ਜਗਤ ਨੂੰ ਕਦੇ ਮੁਸ਼ਕਲ ਪੇਸ਼ ਨਹੀਂ ਆਈ ਕਿ ਇਹ ਆਪਣੇ ਇਹਨਾਂ ਧਾਰਮਿਕ ਦਿਨਾਂ ਨੂੰ ਟਰੌਪੀਕਲ ਕੈਲੰਡਰ ਵਿੱਚ ਫਿਕਸ ਕਰ ਲੈਣ।ਇਹ ਈਸਟਰ 16 ਮਾਰਚ ਤੋਂ ਲੈਕੇ 21 ਅਪਰੈਲ ਵਿੱਚ ਕਦੇ ਵੀ ਆ ਸਕਦਾ ਹੈ।ਇਸੇ ਤਰ੍ਹਾਂ ਇਹਨਾਂ ਦੇ ਹੋਰ ਤਿਉਹਾਰ ਵੀ ਉਪਰੋਕਤ ਟੇਬਲ ਵਿੱਚ ਵੇਖੇ ਜਾ ਸਕਦੇ ਹਨ।ਕਦੇ ਕਿਸੇ ਰੌਲਾ ਨਹੀਂ ਪਾਇਆ।ਫਿਰ ਸਿੱਖਾਂ ਨੂੰ ਕੀ ਮੁਸੀਬਤ ਆ ਗਈ ਕਿ ਸਦੀਆਂ ਤੋਂ ਚਲਿਆ ਆ ਰਿਹਾ ਬਿਕਰਮੀ ਕੈਲੰਡਰ ਹੁਣ ਦੋਸ਼ ਪੂਰਨ ਵਿਖਾਈ ਦੇਣ ਲੱਗ ਪਿਆ ਹੈ? ਅੱਗੇ ਜਾਕੇ ਇਸ ਮੰਗ ਪੱਤਰ ਵਿੱਚ ਸੰਤ ਸਮਾਜ ਵਲੋਂ ਉਠਾਏ ਗਏ ਇਤਰਾਜਾਂ ਦੇ ਜਵਾਬ ਦਿੱਤੇ ਗਏ ਹਨ,ਜਿਹਨਾਂ ਦੀ ਪੜਚੋਲ ਕਰਨੀ ਬਹੁਤ ਜਰੂਰੀ ਹੈ,ਕਿਉਂਕਿ ਇਹ ਜਵਾਬ ਠੀਕ ਨਹੀਂ ਹਨ:- ਪਹਿਲਾ ਇਤਰਾਜ਼:- ਪਹਿਲਾ ਇਤਰਾਜ਼:- . ਸੰਤ ਸਮਾਜ ਅਨੁਸਾਰ 2003 ਤੋਂ ਪਹਿਲਾਂ ਜਦੋਂ ਬਿਕ੍ਰਮੀ ਕੈਲੰਡਰ ਲਾਗੂ ਸੀ ਤਾਂ ਕੋਈ ਵਿਵਾਦ ਨਹੀਂ ਸੀ। ਉੱਤਰ: ਇਹ ਬਿਲਕੁਲ ਝੂਠ ਹੈ ਕਿਉਂਕਿ ਇਸ ਤੋਂ ਪਹਿਲਾਂ 1995 ’ਚ ਵੀ ਬਿਲਕੁਲ ਅੱਜ ਵਾਲੀ ਸਥਿਤੀ ਸੀ। ਉਸ ਸਾਲ ਪੋਹ ਸੁਦੀ 7 ਅਤੇ 13 ਪੋਹ ਦੋਵੇਂ ਹੀ ਇਕੱਠੇ 28 ਦਸੰਬਰ ਨੂੰ ਆਉਣ ਕਰਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਇਕੱਠੇ ਆਏ ਸਨ। 1982 ’ਚ ਪੋਹ ਸੁਦੀ 7 ਅਤੇ 8 ਪੋਹ ਦੋਵੇਂ ਹੀ ਇਕੱਠੇ 22 ਦਸੰਬਰ ਨੂੰ ਆਉਣ ਕਰਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆਏ ਸਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਦਸੰਬਰ ਵਿੱਚ; ਕਦੀ ਜਨਵਰੀ ਵਿੱਚ; ਕਿਸੇ ਸਾਲ ’ਚ ਦੋ ਵਾਰ ਅਤੇ ਕਦੀ ਆਉਂਦਾ ਹੀ ਨਹੀਂ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਹੀ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਜਿਸ ਦੇ 7 ਸਾਲ ਲਾਗੂ ਰਹਿਣ ਦੇ ਦੌਰਾਨ ਕਦੀ ਇੱਕ ਵੀ ਮੌਕਾ ਦੱਸੋ ਜਦੋਂ ਕਦੀ ਇਸ ਤਰ੍ਹਾਂ ਦਾ ਵਿਵਾਦ ਪੈਦਾ ਹੋਇਆ ਹੋਵੇ। ਸ਼ਪੱਸ਼ਟੀਕਰਨ :- ਜਿਸ ਸਥਿਤੀ ਦਾ ਜਿਕਰ ਇੱਥੇ ਕੀਤਾ ਗਿਆ ਹੈ,ਇਸ ਦਾ ਦੋਸ਼ੀ ਬਿਕਰਮੀ ਕੈਲੰਡਰ ਬਿਲਕੁਲ ਨਹੀਂ ਹੈ,ਇਸ ਲਈ ਬਿਕਰਮੀ ਕੈਲੰਡਰ ਨੂੰ ਲੈ ਕੇ ਕਦੇ ਕੋਈ ਵਿਵਾਦ ਨਹੀਂ ਸੀ।ਬਾਕੀ ਇਹਨਾਂ ਮਿਤੀਆਂ ਦੇ ਟਕਰਾਅ ਦਾ ਕਾਰਣ ਬਿਕਰਮੀ ਕੈਲੰਡਰ ਦੀਆਂ ਸੂਰਜੀ ਅਤੇ ਚੰਦਰ ਮਿਤੀਆਂ ਦੀ ਵਰਤੋਂ ਕਰਨਾ ਹੈ। ਕੋਈ ਗੁਰਪੁਰਬ ਬਿਕਰਮੀ ਕੈਲੰਡਰ ਦੇ ਚੰਦਰਮਾਂ ਅਨੁਸਾਰ ਨਿਰਧਾਰਿਤ ਕੀਤਾ ਗਿਆ ਹੈ ਭਾਵ ਵਦੀ ਸੁਦੀ ਨੂੰ ਮੁਖ ਰੱਖ ਕੇ ਅਤੇ ਕੋਈ ਸੂਰਜੀ ਕੈਲੰਡਰ ਅਨੁਸਾਰ।ਜਿਵੇਂ ਮੰਗ ਪੱਤਰ ਤੋਂ ਸਪੱਸ਼ਟ ਹੁੰਦਾ ਹੈ ਪੋਹ ਸੁਦੀ ਸੱਤਵੀਂ ਅਤੇ ੧੩ ਪੋਹ;ਇਹ ਦੋਵੇਂ ਮਿਤੀਆਂ ਦੀ ਇਕਾਈ ਇੱਕ ਨਹੀਂ ਹੈ।ਪੋਹ ਸੁਦੀ ਸੱਤ ਚੰਦਰਮਾਂ ਦੀ ਹੈ ਅਤੇ ੧੩ ਪੋਹ ਸੂਰਜੀ ਹੈ।ਟਕਰਾਅ ਤੇ ਹੋਏਗਾ ਹੀ।ਜੇਕਰ ਸਾਰੇ ਪੁਰਬ ਬਾਕੀ ਧਰਮਾਂ ਅਨੁਸਾਰ ਚੰਦਰਮਾਂ ਅਨੁਸਾਰ ਮਨਾਏ ਜਾਣ ਤਾ ਮਸਲਾ ਹੱਲ ਹੋ ਜਾਂਦਾ ਹੈ।ਮਿਤੀਆਂ ਦੇ ਟਕਰਾਅ ਦਾ ਹੱਲ ਨਾਨਕਸ਼ਾਹੀ ਕੈਲੰਡਰ ਨਹੀਂ ਹੈ,ਜਿਸ ਅਨੁਸਾਰ ਝੂਠੀਆਂ ਸੰਗਰਾਦਾਂ ਬਣਾ ਕੇ ਮਨ ਨੂੰ ਤਸੱਲੀ ਦਿੱਤੀ ਗਈ ਹੈ ਕਿ ਤਰੀਖਾਂ ਸਥਿਰ ਹੋ ਗਈਆਂ।ਇਕੋ ਦਿਨ ਮਨ ਮਰਜ਼ੀ ਅਨੁਸਾਰ ਗੁਰ ਗੱਦੀ ਦਿਵਸ ਅਤੇ ਜੋਤੀ ਜੋਤ ਦਿਵਸ ਪੱਕੇ ਕਰ ਦਿੱਤੇ ਗਏ।ਇਤਿਹਾਸ ਉਹ ਹੁੰਦਾ ਹੈ ਜਿਸ ਵਿੱਚ ਕੁਝ ਵੀ ਮਰਜ਼ੀ ਅਨੁਸਾਰ ਮਿਥਿਆ ਨਹੀਂ ਜਾਂਦਾ।ਜੋ ਜਿਸ ਤਰ੍ਹਾਂ ਵਾਪਰਦਾ ਹੈ ਉਸ ਨੂੰ ਉਸੇ ਤਰ੍ਹਾਂ ਪੇਸ਼ ਕਰਨਾਂ ਹੁੰਦਾ ਹੈ,ਜੋ ਮਿੱਥ ਲਿਆ ਉਹ ਮਿਥਿਹਾਸ ਬਣ ਗਿਆ।ਸਹੀ ਕੈਲੰਡਰ ਉਹ ਹੁੰਦਾ ਹੈ,ਜੋ ਇਤਿਹਾਸਕ ਘਟਨਾਵਾਂ ਦੀ ਸਹੀ ਤਸਵੀਰ ਪੇਸ਼ ਕਰੇ।ਕੈਲੰਡਰ ਕਰਤਾ ਨੂੰ ਇਤਿਹਾਸਕ ਮਿਤੀਆਂ ਨਾਲ ਛੇੜ ਛਾੜ ਕਰਨ ਦਾ ਕੋਈ ਹੱਕ ਨਹੀਂ ਹੈ।ਕੈਲੰਡਰ ਇਤਿਹਾਸ ਅਨੁਸਾਰ ਹੁੰਦਾ ਹੈ ਨਾ ਕਿ ਇਤਿਹਾਸ ਕੈਲੰਡਰ ਮੁਤਾਬਕ।ਸਿੱਖ ਇਤਿਹਾਸਕ ਸਰੋਤ ਕੁਝ ਕਹਿ ਰਹੇ ਹਨ ਅਤੇ ਨਾਨਕਸ਼ਾਹੀ ਕੈਲੰਡਰ ਕੁਝ ਹੋਰ ਪੇਸ਼ ਕਰ ਰਿਹਾ ਹੈ।ਇਸ ਤੋਂ ਵੱਡਾ ਵਾਦ ਵਿਵਾਦ ਹੋਰ ਕੀ ਹੋ ਸਕਦਾ ਹੈ।ਜੋ ਰੌਲਾ ਪਾਇਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਕਦੇ ਸਾਲ ਵਿੱਚ ਦੋ ਵਾਰ ਅਤੇ ਕਦੇ ਆਉਂਦਾ ਹੀ ਨਹੀਂ,ਇਹ ਇੱਕ ਬਹੁਤ ਵੱਡਾ ਭੁਲੇਖਾ ਪਾਇਆ ਜਾ ਰਿਹਾ ਹੈ।ਜਦੋਂ ਆਗਮਨ ਪੁਰਬ ਬਿਕਰਮੀ ਕੈਲੰਡਰ ਅਨੁਸਾਰ ਮਨਾਇਆ ਜਾ ਰਿਹਾ ਹੈ ਤਾਂ ਉਸ ਅਨੁਸਾਰ ਪੋਹ ਸੁਦੀ ਸੱਤਵੀਂ ਸਿਰਫ ਇੱਕ ਵਾਰ ਹੀ ਆਉਂਦੀ ਹੈ,ਗਰੀਗੌਰੀਅਨ ਵਿੱਚ ਕਿੰਨੀ ਵਾਰ ਆਉਂਦਾ ਹੈ,ਇਸ ਨਾਲ ਬਿਕਰਮੀ ਕੈਲੰਡਰ ਦਾ ਕੋਈ ਕਸੂਰ ਨਹੀਂ ਹੈ।ਜੋ ਵਿਅਕਤੀ ਇਹਨਾਂ ਦੋਹਾਂ ਦੀ ਤੁਲਨਾ ਕਰਦਾ ਹੈ,ਉਹ ਸਮਝ ਤੋਂ ਖਾਲੀ ਹੈ। ਦੂਸਰਾ ਇਤਰਾਜ਼ . ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ‘ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥’ ਤੁਕ ਵਰਤੀ ਹੈ ਜਿਸ ਵਿੱਚ ਬਿਕ੍ਰਮੀ ਸੰਮਤ 1578 ਅਤੇ 1597 ਵੱਲ ਇਸ਼ਾਰਾ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਨੇ ਬਿਕ੍ਰਮੀ ਕੈਲੰਡਰ ਦੀ ਵਰਤੋਂ ਕੀਤੀ ਸੀ ਤਾਂ ਅਸੀਂ ਬਿਕ੍ਰਮੀ ਕੈਲੰਡਰ ਕਿਉਂ ਛੱਡੀਏ? ਉੱਤਰ: ਉਸ ਸਮੇਂ ਲੰਬਾਈ, ਭਾਰ ਅਤੇ ਸਮੇਂ ਆਦਿਕ ਦੀਆਂ ਜੋ ਵੀ ਇਕਾਈਆਂ ਪ੍ਰਚੱਲਤ ਸਨ ਗੁਰੂ ਸਾਹਿਬ ਜੀ ਨੇ ਉਹੀ ਵਰਤਣੀਆਂ ਸਨ ਜਿਵੇਂ ਕਿ ਗੁਰਬਾਣੀ ਵਿੱਚ ਲੰਬਾਈ ਦੀ ਇਕਾਈਆਂ ਹੱਥ, ਕਰਮਾਂ, ਕੋਸ (ਕੋਹ) ਅਤੇ ਜੋਜਨ ਵਰਤੀਆਂ ਹਨ। ਉਸ ਉਪ੍ਰੰਤ ਇੰਚ, ਫੁੱਟ, ਗਜ, ਮੀਲ ਵਰਤੇ ਜਾਣ ਲੱਗੇ ਪਰ ਅੱਜ ਕੱਲ੍ਹ ਮਿਲੀ ਮੀਟਰ, ਸੈਂਟੀਮੀਟਰ, ਮੀਟਰ, ਕਿਲੋਮੀਟਰ ਵਰਤੇ ਜਾਣ ਲੱਗੇ ਹਨ। ਗੁਰਬਾਣੀ ਵਿੱਚ ਮਾਸਾ, ਰੱਤੀ, ਤੋਲਾ, ਪਾਈਆ, ਸੇਰ, ਮਣ ਅਦਿਕ ਇਕਾਈਆਂ ਭਾਰ ਮਾਪਣ ਲਈ ਵਰਤੀਆਂ ਗਈਆਂ ਹਨ ਪਰ ਅੱਜ ਕੱਲ੍ਹ ਅਸੀਂ ਮਿਲੀਗ੍ਰਾਮ, ਗਰਾਮ, ਕਿਲੋਗ੍ਰਾਮ, ਕੁਇੰਟਲ, ਟਨ ਆਦਿਕ ਇਕਾਈਆਂ ਦੀ ਵਰਤੋਂ ਕਰ ਰਹੇ ਹਾਂ। ਇਸ਼ੇ ਤਰ੍ਹਾਂ ਨਿਮਖ, ਵਿਸੁਏ, ਚੱਸੇ, ਘੜੀਆਂ, ਪਹਿਰ ਆਦਿਕ ਸਮੇਂ ਦੀ ਲੰਬਾਈ ਲਈ ਇਕਾਈਆਂ ਦੇ ਤੌਰ ’ਤੇ ਵਰਤੀਆਂ ਗਈਆਂ ਹਨ ਪਰ ਅੱਜ ਕੱਲ੍ਹ ਸਮੇਂ ਲਈ ਮਿਲੀ ਸੈਕੰਡ, ਸੈਕੰਡ, ਮਿੰਟ, ਘੰਟੇ ਆਦਿਕ ਵਰਤੇ ਜਾਂਦੇ ਹਨ। ਕਿਉਂਕਿ ਇਨ੍ਹਾਂ ਇਕਾਈਆਂ ਦੀ ਵਰਤੋਂ ਕਰਨ ਨਾਲ ਹਿਸਾਬ ਕਿਤਾਬ ਕਰਨਾ ਬਹੁਤ ਹੀ ਸੌਖਾ ਹੈ। ਸੋ, ਜੇ ਉਕਤ ਸਾਰੀਆਂ ਇਕਾਈਆਂ ਲਈ ਅਸੀਂ ਸਹੂਲਤ ਲਈ ਐੱਮ ਕੇ ਐੱਸ ਪ੍ਰਣਾਲੀ ਦੀਆਂ ਨਵੀਆਂ ਇਕਈਆਂ ਵਰਤਣ ਲੱਗ ਪਏ ਹਾਂ ਤਾਂ ਆਪਣੀ ਸਹੂਲਤ ਲਈ ਬਿਕ੍ਰਮੀ ਕੈਲੰਡਰ ਜਿਸ ਦੀਆਂ ਤਰੀਕਾਂ ਨੂੰ ਸਮਝਣਾਂ ਅਤੇ ਯਾਦ ਰੱਖਣਾ ਅਤਿ ਕਠਿਨ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਵਿਦਵਾਨ ਵੀ ਇਹ ਯਾਦ ਨਹੀਂ ਰੱਖ ਸਕਦੇ ਕਿ ਚਾਲੂ ਮਹੀਨਾ ਕਿੰਨੇ ਦਿਨਾਂ ਦਾ ਹੈ? ਜੇ 17 ਜਨਵਰੀ 2015 ਨੂੰ ਫੱਗਣ ਵਦੀ ਤਰੌਦਸੀ ਹੋਵੇ ਤਾਂ 19 ਜਨਵਰੀ ਨੂੰ ਕਿਹੜੀ ਤਿੱਥ ਹੋਵੇਗੀ? ਕਿਹੜੇ ਸਾਲ ਵਿੱਚ ਚੰਦ੍ਰਮਾ ਦੇ ਬਾਰਾਂ ਮਹੀਨਿਆਂ ਦੀ ਥਾਂ 13 ਮਹੀਨੇ ਬਣ ਜਾਣਗੇ ਅਤੇ ਕਿਹੜੇ ਸਾਲ ਵਿੱਚ ਸਿਰਫ 11 ਹੀ ਰਹਿ ਜਾਣਗੇ? ਅਤੇ ਇਸ ਵਾਧ ਘਾਟ ਦਾ ਕਾਰਣ ਕੀ ਹੈ? ਸ਼ਪੱਸਟੀਕਰਨ:- ਸੰਤ ਸਮਾਜ ਦਾ ਇਹ ਆਖਣਾ ਬਿਲਕੁਲ ਠੀਕ ਹੈ ਕਿ ਜੇਕਰ ਸਰਬਕਲਾ ਸਮੱਰਥ ਗੁਰੂ ਸਾਹਿਬ ਨੇ ਬਿਕਰਮੀ ਕੈਲੰਡਰ ਦੀ ਵਰਤੋਂ ਕੀਤੀ ਸੀ ਤਾਂ ਸਾਨੂੰ ਵੀ ਇਸ ਨੂੰ ਛੱਡਣਾ ਨਹੀਂ ਚਾਹੀਦਾ।ਗੁਰੂ ਸਾਹਿਬ ਨੇ ਜਿਸ ਵਿੱਚ ਕੋਈ ਤਬਦੀਲੀ ਕਰਨੀ ਚਾਹੀ,ਉਸ ਵਿੱਚ ਕੀਤੀ।ਪੰਜਾਬੀ ਭਾਸ਼ਾ ਨੂੰ ਗੁਰੂ ਨਾਨਕ ਸਾਹਿਬ ਦੇ ਵੇਲੇ ਲੰਡੇ ਲਿਪੀ ਵਿੱਚ ਲਿਖਿਆ ਜਾਂਦਾ ਸੀ।ਗੁਰੂ ਸਾਹਿਬ ਨੇ ਉਸ ਵਿੱਚ ਕੁਝ ਊਣਤਾਈ ਵੇਖੀ।ਉਸ ਦਾ ਨਵਾਂ ਮੂੰਹ ਮੁਹਾਂਦਰ ਬਣਾ ਕੇ ਗੁਰਮੁਖੀ ਲਿਪੀ ਦੇ ਨਾਮ ਹੇਠ ਪ੍ਰਚਲਿਤ ਕਰ ਦਿੱਤਾ।ਜੇਕਰ ਸਮੇਂ ਨੂੰ ਮਾਪਣ ਦੀ ਇਕਾਈ ਵੀ ਅਧੂਰੀ ਹੁੰਦੀ ਤਾਂ ਇਸ ਨੂੰ ਵੀ ਗੁਰੂ ਜੀ ਜਰੂਰ ਸੁਧਾਰ ਦਿੰਦੇ।ਉਹਨਾਂ ਨੂੰ ਅਜਿਹਾ ਨਹੀਂ ਲਗਿਆ।ਸਗੋਂ ਉਹਨਾਂ ਨੇ ਇਸ ਉਪਰ ਗੁਰਬਾਣੀ ਦੀ ਰਚਨਾ ਕੀਤੀ।ਗੁਰਮੁਖੀ ਲਿਪੀ ਦੇ ਅਧਾਰ ਨੂੰ ਪੰਜਾਬੀ ਭਾਸ਼ਾ ਵਿਗਿਆਨੀਆਂ ਨੇ ਬਦਲਿਆ ਨਹੀਂ ਸਗੋਂ ਸਮੇਂ ਦੀ ਲੋੜ ਨੂੰ ਮੁਖ ਰੱਖਕੇ ਇਸ ਦੀ ਵਰਣਮਾਲਾ ਦੇ ਪੈਂਤੀ ਵਰਣਾ ਵਿੱਚ ਪੈਰ ਵਿੱਚ ਬਿੰਦੀ ਲਾ ਕੇ ਛੇ ਅੱਖਰਾਂ ਦਾ ਵਾਧਾ ਹੋਰ ਕਰ ਦਿੱਤਾ ਤਾਂ ਕਿ ਦੂਸਰੀਆਂ ਭਾਸ਼ਾਵਾਂ ਦਾ ਉਚਾਰਨ ਠੀਕ ਹੋ ਸਕੇ।ਇਸੇ ਕਰਕੇ ਕਿਸੇ ਕਿਸਮ ਦਾ ਕੋਈ ਹੋ ਹੱਲਾ ਨਹੀਂ ਹੋਇਆ।ਇਸੇ ਤਰ੍ਹਾਂ ਸਥਾਨਕ ਦੂਰੀ ਅਤੇ ਵਸਤੂਆਂ ਨੂੰ ਮਾਪਣ ਦੀਆਂ ਇਕਾਈਆਂ ਕੋਸ,ਜੋਜਨ,ਜਾਂ ਤੋਲੇ ਮਾਸੇ ਆਦਿ ਦਾ ਨਵੀਨੀਕਰਣ ਕਿਸੇ ਇਤਿਹਾਸ ਨੂੰ ਮਿਥਿਹਾਸ ਵਿੱਚ ਨਹੀਂ ਬਦਲ ਰਿਹਾ।ਇਹਨਾਂ ਦਾ ਕੈਲੰਡਰ ਨਾਲ ਕੋਈ ਸਬੰਧ ਨਹੀਂ ਹੈ।ਕੈਲੰਡਰ ਇਤਿਹਾਸਕ ਘਟਨਾਵਾਂ ਨੂੰ ਰੂਪਮਾਨ ਕਰਨ ਵਾਲਾ ਇੱਕ ਸ਼ੀਸ਼ਾ ਹੁੰਦਾ ਹੈ ਅਤੇ ਇਹ ਸਮੇਂ ਦੀ ਇਕਾਈ ਨਾਲ ਨਾਪਿਆ ਜਾਂਦਾ ਹੈ,ਇਸ ਨੂੰ ਬਦਲਣ ਨਾਲ ਬਹੁਤ ਫਰਕ ਪੈਂਦਾ ਹੈ।ਪਰ ਸਮੇਂ ਦੀ ਇਕਾਈ ਨੂੰ ਮਾਪਣ ਵਾਲੇ ਕੁਦਰਤੀ ਨਿਯਮਾਂ ਤੇ ਅਧਾਰਿਤ ਬਿਕਰਮੀ ਕੈਲੰਡਰ ਨੂੰੰ ਕੈਲੰਡਰ ਮਾਹਰ ਇਸ ਕਰਕੇ ਦੋਸ਼ ਪੂਰਣ ਸਿੱਧ ਕਰਨ ਕਿ ਇਹ ਪੁਰਾਣਾ ਹੋ ਗਿਆ ਹੈ ਜਾਂ ਬਹੁਤ ਗੁੰਝਲਦਾਰ ਹੋਣ ਕਰਕੇ ਇਸ ਦੀਆਂ ਤਰੀਖਾਂ ਨੂੰ ਯਾਦ ਰੱਖਣਾ ਬਹੁਤ ਮੁਸ਼ਕਲ ਹੈ,ਹਾਸੋਹੀਣਾ ਤਰਕ ਹੈ।ਜਦੋਂ ਗਰੀਗੌਰੀਅਨ ਕੈਲੰਡਰ ਭਾਰਤ ਵਿੱਚ ਪ੍ਰਚਲਿਤ ਨਹੀਂ ਸੀ ਹੋਇਆ,ਹਰ ਪੜ੍ਹੇ ਲਿਖੇ ਜਾਂ ਅਣਪੜ੍ਹ ਵਿਅਕਤੀ ਨੂੰ ਪਤਾ ਹੁੰਦਾ ਸੀ ਕਿ ਅੱਜ ਕੀ ਮਿਤੀ ਹੈ।ਦੂਰ ਕੀ ਜਾਣਾ ਹੈ ੧੯੪੭ ਤੱਕ ਦੇਸੀ ਤਰੀਖਾ ਦੀ ਵਰਤੋਂ ਆਮ ਕੀਤੀ ਜਾਂਦੀ ਸੀ।ਚੰਦਰਮਾਂ ਸਭ ਦੇ ਸਾਹਮਣੇ ਅਕਾਸ਼ ਵਿੱਚ ਚਮਕਦਾ ਹੈ,ਹਰ ੧੪ ਦਿਨ ਦੇ ਬਾਦ ਪੁੰਨਿਆਂ ਅਤੇ ਮੱਸਿਆ ਆ ਜਾਂਦੀ ਹੈ।ਸੁਦੀ ਕਦੋਂ ਹੁੰਦੀ ਹੈ ,ਵਦੀ ਕਦੋਂ ਹੁੰਦੀ ਹੈ,ਜਾਨਣ ਵਾਸਤੇ ਕਿਸੇ ਡਿਗਰੀ ਨੂੰ ਹਾਸਲ ਕਰਨ ਦੀ ਲੋੜ ਨਹੀਂ ਹੈ।ਅੱਜ ਵੀ ਸਾਡੇ ਉਪਰ ਅੰਗਰੇਜੀ ਦੀ ਗੁਲਾਮੀ ਦਾ ਅਸਰ ਹੈ,ਇਸੇ ਕਰਕੇ ਹੀ ਅਸੀਂ ਆਪਣੇ ਵਿਰਸੇ ਨੂੰ ਅਤੇ ਆਪਣੀ ਭਾਸ਼ਾ ਨੂੰ ਅਪਨਾਉਣ ਵਿੱਚ ਹੇਠੀ ਸਮਝ ਰਹੇ ਹਾਂ।ਅੰਗਰੇਜੀ ਮਹੀਨਿਆਂ ਦੇ ਨਾਮ ਤਾਂ ਯਾਦ ਕੀਤੇ ਜਾ ਸਕਦੇ ਹਨ,ਪਰ ਦੇਸੀ ਮਹੀਨਿਆਂ ਦੇ ਨਹੀਂ।ਜੇਕਰ ਅੱਜ ਅਸੀਂ ਦੇਸੀਂ ਤਰੀਖਾਂ ਭੁੱਲ ਰਹੇ ਹਾਂ ਤਾਂ ਇਸਦਾ ਇਹ ਮਤਲਬ ਨਹੀਂ ਕਿ ਬਿਕਰਮੀ ਕੈਲੰਡਰ ਦੋਸ਼ ਪੂਰਨ ਹੋ ਗਿਆ ਹੈ।ਲੋੜ ਹੈ ਇਸ ਨੂੰ ਵਰਤੋਂ ਵਿੱਚ ਲੈਕੇ ਆਉਣ ਦੀ ਨਾਂ ਕਿ ਬਦਲਣ ਦੀ।ਅੱਜ ਕੰਪਿਊਟਰ ਦਾ ਯੁੱਗ ਹੈ,ਸਭ ਕੁਝ ਬਹੁਤ ਜਲਦੀ ਤਿਆਰ ਹੋ ਜਾਂਦਾ ਹੈ।ਆਉਣ ਵਾਲੇ ਬਹੁਤ ਸਾਰੇ ਅਗਾਊਂ ਸਾਲਾਂ ਦਾ ਬਿਕਰਮੀ ਕੈਲੰਡਰ ਤਿਆਰ ਹੋ ਚੁੱਕਾ ਹੈ,ਸਿਰਫ ਸਿੱਖਾਂ ਨੇ ਆਪਣੇ ਪੁਰਬ ਇਸ ਵਿੱਚ ਫਿੱਟ ਕਰਨੇ ਹਨ।ਇਹ ਮਿਤੀਆਂ ਬਿਕਰਮੀ ਕੈਲੰਡਰ ਦੇ ਕਰਤਾ ਨੇ ਨਹੀਂ ਦੱਸਣੀਆਂ ,ਸਿੱਖਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ। ਤੀਸਰਾ ਅਤੇ ਆਖਰੀ ਇਤਰਾਜ਼:- ਸੋ ਸਮਝਣ ਅਤੇ ਯਾਦ ਰੱਖਣ ਵਿੱਚ ਇਤਨੇ ਗੋਰਖਧੰਦੇ ਵਾਲੇ ਬਿਕ੍ਰਮੀ ਕੈਲੰਡਰ ਨਾਲੋਂ ਨਾਨਕਾਸ਼ਾਹੀ ਕੈਲੰਡਰ ਸਮਝਣਾਂ ਅਤੇ ਯਾਦ ਰੱਖਣਾਂ ਅਤਿ ਸੁਖਾਲਾ ਹੈ, ਇਸ ਲਈ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਸਮੱਸਿਆ ਬਿਲਕੁਲ ਸਮਝ ਨਹੀਂ ਆਉਂਦੀ। ਇਸ ਦਾ ਵਿਰੋਧ ਕਰਨ ਵਾਲੇ ਵੀਰਾਂ ਅੱਗੇ ਇੱਕ ਸਵਾਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 ਮੁਤਾਬਿਕ 22 ਦਸੰਬਰ 1666 ਨੂੰ ਹੋਇਆ ਸੀ। ਹੁਣ ਜੇ ਅਸੀਂ ਸਾਰੀ ਦੁਨੀਆਂ ਵਿੱਚ ਵਸ ਰਹੇ ਸਿੱਖਾਂ ਦੀ ਸਹੂਲਤ ਲਈ ਪੋਹ ਸੁਦੀ 7 ਦੀ ਬਜਾਏ ਨਾਨਕਸ਼ਹੀ ਕੈਲੰਡਰ ਦੇ 23 ਪੋਹ ਨੂੰ ਮਨਾ ਲਈਏ ਜਿਹੜਾ ਹਮੇਸ਼ਾਂ ਹੀ 5 ਜਨਵਰੀ ਨੂੰ ਆਇਆ ਕਰੇਗਾ ਤਾਂ ਇਸ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਨੂੰ ਖੋਰਾ ਲੱਗ ਜਾਵੇਗਾ? ਨਾਨਕਸ਼ਾਹੀ ਕੈਲੰਡਰ ਦਾ ਦੂਸਰਾ ਫਾਇਦਾ ਇਹ ਹੋਵੇਗਾ ਕਿ ਪੋਹ ਦੇ ਮਹੀਨੇ ਜੇ ਅੱਜ ਕੜਾਕੇ ਦੀ ਠੰਡ ਪੈ ਰਹੀ ਹੈ ਤਾਂ ਅੱਜ ਤੋਂ 13000 ਸਾਲ ਬਾਅਦ ਵੀ ਬਿਲਕੁਲ ਇਹੀ ਮੌਸਮ ਰਹੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਪੋਹ ਦਾ ਮਹੀਨਾ ਜੂਨ ਵਿੱਚ ਆਵੇਗਾ ਜਿਸ ਸਮੇਂ ਕੜਾਕੇ ਦੀ ਗਰਮੀ ਪੈਂਦੀ ਹੋਵੇਗੀ ਜਿਸ ਦਾ ਸਬੰਧ ਗੁਰਬਾਣੀ ਵਿੱਚ ਦਰਜ ਮਹੀਨਿਆਂ ਨਾਲੋਂ ਬਿਲਕੁਲ ਹੀ ਉਲਟ ਹੋਵੇਗਾ। ਇੱਕ ਗਲ ਹੋਰ ਧਿਆਨ ਦੇਣ ਵਾਲੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ 2003 ਤੋਂ ਪਹਿਲਾ ਅਤੇ 2010 ਤੋਂ ਪਿਛੋ ਜਾਰੀ ਕੀਤਾ ਜਾਂਦਾ ਬਿਕ੍ਰਮੀ ਕੈਲੰਡਰ ਗੁਰੂ ਕਾਲ ਵਾਲਾ ਕੈਲੰਡਰ ਨਹੀ ਹੈ ਕਿਉਂਕਿ ਇਹ ਹਿੰਦੂ ਵਿਦਵਾਨਾਂ ਵੱਲੋਂ 1964 ਵਿੱਚ ਸੋਧਿਆ ਹੋਇਆ ਕੈਲੰਡਰ ਹੈ। ਹੈਰਾਨੀ ਇਸ ਗੱਲ ਦੀ ਹੈ ਕਿ 1964 ਵਿੱਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਸੋਧ ਤਾਂ ਸੰਤ ਸਮਾਜ ਨੂੰ ਪ੍ਰਵਾਨ ਹੈ, ਤਾਂ ਫਿਰ 2003 ਵਿੱਚ ਸਿੱਖ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ’ਤੇ ਇਤਰਾਜ ਕਿਉਂ? ਸ਼ਪੱਸਟੀਕਰਨ:- ਕਿਸੇ ਕੈਲੰਡਰ ਦੀ ਮਾਨਤਾ,ਉਸਦੇ ਸੌਖੇ ਅਤੇ ਔਖੇ ਹੋਣ ਤੇ ਨਿਰਭਰ ਨਹੀਂ ਕਰਦੀ ਸਗੋਂ ਉਸਦੇ ਕੁਦਰਤੀਪਨ ਅਤੇ ਉਸ ਅੰਦਰ ਪਾਈਆਂ ਜਾਣ ਵਾਲੀਆਂ ਅਟੱਲ ਸਚਾਈਆਂ ਤੇ ਨਿਰਭਰ ਕਰਦੀ ਹੈ।ਬਿਕਰਮੀ ਕੈਲੰਡਰ ਮਨੁੱਖੀ ਸੋਚ ਦੀ ਥਾਂ ਕੁਦਰਤ ਅਨੁਸਾਰ ਚੱਲਣ ਵਾਲਾ ਕੈਲੰਡਰ ਹੈ।ਇਸ ਦੇ ਸਾਲ ਦੀ ਨਪਾਈ ਕਿਸੇ ਦਿਨ ਤੋਂ ਨਾਂ ਹੋ ਕੇ ਉਸ ਤਾਰੇ ਤੋਂ ਕੀਤੀ ਜਾਂਦੀ ਹੈ ਜੋ ਬਿਲਕੁਲ ਸਥਿਰ ਹੁੰਦਾ ਅਤੇ ਕਿਸੇ ਹੋਰ ਗ੍ਰਹਿ ਦੇ ਦੁਆਲੇ ਨਹੀਂ ਘੁੰਮਦਾ।ਇਹ ਗੱਲ ਪੁਰੇਵਾਲ ਨੇ ਖੁਦ ਮੰਨੀ ਹੈ:- The association of the seasons with the months is not of a permanent nature in Bikrami calendar, because the year of the Bikrami calendar is sidereal – based on the revolution of the earth around the sun as measured from a fixed star.The tropical year or the year of seasons does not have any star as the reference point, but is measured from spring equinox to spring equinox or from summer solstice to summer solstice next year. We have based the Nanakshahi calendar on this length of the year. ਖਗੋਲ ਵਿਗਿਆਨੀਆਂ ਦੇ ਅਨੁਸਾਰ ਅੱਜ ਜੋ ਦਿਨ ਦੀ ਨਪਾਈ ਹੈ,ਭਾਵ ਜਿੰਨੇ ਵਜ਼ੇ ਇਸਦਾ ਉਦੇ ਅਤੇ ਅਸਤ ਹੋਇਆ ਹੈ,ਕੁਝ ਸਾਲਾਂ ਬਾਦ ਇਹ ਬਦਲ ਜਾਏਗਾ।ਇਹ ਇੱਕ ਕੁਦਰਤੀ ਸਚਾਈ ਹੈ ਅਤੇ ਸਾਰੇ ਕੈਲੰਡਰਾਂ ਦੇ ਦਿਨਾਂ ਉਪਰ ਲਾਗੂ ਹੁੰਦੀ ਹੈ।ਟਰੌਪੀਕਲ ਕੈਲੰਡਰ ਦੇ ਸਾਲ ਦੀ ਸ਼ੂਰੂਆਤ ਕਿਸੇ ਦਿਨ ਭਾਵ ੨੧ ਮਾਰਚ ਤੋਂ ਹੁੰਦੀ ਹੈ,੨੧ ਮਾਰਚ ਉਪਰ ਵੀ ਇਹ ਕੁਦਰਤੀ ਨਿਯਮ ਲਾਗੂ ਹੁੰਦਾ ਹੈ।ਫਲਸਰੂਪ ਟਰੌਪੀਕਲ ਕੈਲੰਡਰ ਦੇ ਦਿਨ ਹੌਲੀ ਹੌਲੀ ਕਰਕੇ ਆਪਣੀ ਥਾਂ ਤੋਂ ਖਿਸਕ ਜਾਣਗੇ।ਕੁਝ ਸਾਲਾਂ ਬਾਦ ੨੧ ਮਾਰਚ ਨੂੰ ਦਿਨ ਅਤੇ ਰਾਤ ਇੱਕ ਸਮਾਨ ਨਹੀਂ ਰਹਿਣਗੇ।ਟਰੌਪੀਕਲ ਕੈਲੰਡਰ ਦੇ ਸਾਲ ਦੀ ਸ਼ੁਰੂਆਤ ਦਾ ਬਿੰਦੂ ਬਦਲ ਜਾਏਗਾ।ਨਤੀਜੇ ਵਜ਼ੋਂ ਅੱਜ ੧੩ ਦਿਨ ਦਾ ਜੋ ਫਰਕ ਵੇਖਣ ਨੂੰ ਮਿਲਦਾ ਹੈ,ਉਸਦਾ ਕਾਰਣ ਇਹੋ ਹੀ ਹੈ।ਫਿਰ ਟਰੌਪੀਕਲ ਕੈਲੰਡਰ ਦੇ ਦਿਨ,ਮਹੀਨੇ ਨਾਲ ਉਸ ਤਰ੍ਹਾਂ ਬੱਝੇ ਹੋਏ ਨਹੀਂ ਹਨ ਜਿਸ ਤਰ੍ਹਾਂ ਬਿਕਰਮੀ ਕੈਲੰਡਰ ਦੇ ਹਨ।ਬਿਕਰਮੀ ਕੈਲ਼ੰਡਰ ਦੇ ਮਹੀਨੇ ਦੀ ਸ਼ੂਰੂਆਤ ਪੁੰਨਿਆਂ ਵਾਲੇ ਦਿਨ ਤੋਂ ਕੀਤੀ ਜਾਂਦੀ ਹੈ ਅਤੇ ਇਸ ਮਹੀਨੇ ਦਾ ਨਾਮ ਉਸ ਤਾਰੇ ਦੇ ਨਾਮ ਤੋਂ ਰੱਖਿਆ ਜਾਂਦਾ ਹੈ ਜੋ ਪੁੰਨਿਆਂ ਵਾਲੇ ਦਿਨ ਚੰਦਰਮਾਂ ਦੇ ਬਿਲਕੁਲ ਨੇੜੇ ਹੁੰਦਾ ਹੈ।ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ।ਇਸ ਤਾਰੇ ਦਾ ਚੰਦਰਮਾਂ ਦੇ ਨੇੜੇ ਹੋਣਾ ਕੁਦਰਤੀ ਘਟਨਾ ਹੈ।ਇਸੇ ਤਰ੍ਹਾਂ ਫਿਰ ਅਗਲੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ।ਇਹਨਾਂ ਚੰਦਰ ਮਹੀਨਿਆਂ ਵਿੱਚ ਜਦੋਂ ਸੂਰਜ ਕਰਾਂਤੀ ਹੁੰਦੀ ਹੈ ਭਾਵ ਸੂਰਜ ਦੀ ਕਿਰਨ ਜੋ ਕੋਣ ਧਰਤੀ ਨਾਲ ਮਿਲ ਕੇ ਬਣਾਉਂਦੀ ਹੈ,ਉਸ ਵਿੱਚ ਜਦੋਂ ਕੋਈ ਪਰੀਵਰਤਨ ਹੁੰਦਾ ਹੈ,ਉਸ ਦਿਨ ਸੀਡਰੀਅਲ ਕੈਲੰਡਰ ਦੇ ਸੂਰਜੀ ਮਹੀਨੇ ਦੀ ਸ਼ੁਰੂਆਤ ਮੰਨੀ ਜਾਂਦੀ ਹੈ।ਇਸ ਤਰ੍ਹਾਂ ਚੰਦਰ ਮਹੀਨੇ ਸੂਰਜੀ ਮਹੀਨੇ ਨਾਲ ਇਸ ਤਰ੍ਹਾਂ ਬੱਝੇ ਹਏ ਹਨ ਕਿ ਇਹਨਾਂ ਦਾ ਖਿਸਕਣਾ ਸੰਭਵ ਨਹੀਂ ਹੈ ਇਹੋ ਹੀ ਇਸ ਦੀ ਖਾਸੀਅਤ ਹੈ,ਜਦੋਂ ਕਿ ਟਰੌਪੀਕਲ ਮਹੀਨੇ ਦੀ ਸ਼ੁਰੂਆਤ ਕੈਲੰਡਰ ਕਰਤਾ ਨੇ ਆਪਣੀ ਕਲਪਨਾ ਦੇ ਅਧਾਰ ਤੇ ਕੀਤੀ ਹੈ ਇਸਦਾ ਚੰਦਰਮਾਂ ਜਾਂ ਸੂਰਜ ਜਾਂ ਪੁਲਾੜ ਦੀ ਕਿਸੇ ਗਤੀ ਵਿਧੀ ਨਾਲ ਕੋਈ ਸਬੰਧ ਨਹੀਂ ਹੈ। ਖਗੋਲ ਵਿਗਿਆਨੀਆਂ ਅਨੁਸਾਰ ਟਰੌਪੀਕਲ ਸਾਲ ਦਾ ਮੌਸਮ ਬਦਲਨਸ਼ੀਲ ਹੈ:- en.wikipedia.org/wiki/Axial_precession ਇਸ ਸਾਰੀ ਚਰਚਾ ਤੋਂ ਸਿੱਧ ਹੁੰਦਾ ਹੈ ਕਿ ਬਿਕਰਮੀ ਕੈਲੰਡਰ ਜੋ ਸੀਡਰੀਅਲ ਹੈ,ਦੇ ਮਹੀਨੇ ਕਦੇ ਵੀ ਮੌਸਮ ਦਾ ਸਾਥ ਨਹੀਂ ਛੱਡਣਗੇ।ਜਿੱਧਰ ਮੌਸਮ ਜਾਏਗਾ ਇਹ ਨਾਲ ਹੀ ਜਾਣਗੇ ਜਿਸ ਕਰਕੇ ਜੋ ਗੁਰੂ ਸਾਹਿਬ ਨੇ ਬਾਰਾਂਮਾਹ ਵਿੱਚ ਲਿਖ ਦਿੱਤਾ ਹੈ,ਭਾਰਤ ਦੀਆਂ ਰੁੱਤਾਂ ਉਸ ਮੁਤਾਬਕ ਹੀ ਰਹਿਣਗੀਆਂ ਪਰ ਟਰੌਪੀਕਲ ਕੈਲੰਡਰ ਦੇ ਦਸੰਬਰ ਦੀ ਕੜਾਕੇ ਦੀ ਠੰਡ ਖਗੋਲ ਵਿਗਿਆਨੀਆਂ ਅਨੁਸਾਰ ਜੂਨ ਵਿੱਚ ਆ ਸਕਦੀ ਹੈ।ਭਾਵ ੧੩੦੦੦ ਸਾਲ ਬਾਦ ਟਰੌਪੀਕਲ ਕੈਲੰਡਰ ਦੇ ਦਸੰਬਰ ਮਹੀਨੇ ਦੇ ਕੜਾਕੇ ਦੀ ਠੰਢ ਵਾਲੇ ਦਿਨ ਖਿਸਕਦੇ ਖਿਸਕਦੇ ਜੂਨ ਵਿੱਚ ਪਹੁੰਚ ਜਾਣਗੇ।ਜਿਸ ਤਰ੍ਹਾ ੩੧ ਮਾਰਚ ੧੩ ਅਪਰੈਲ ਬਣ ਗਿਆ ਹੈ।ਨਾਨਕਸ਼ਾਹੀ ਕੈਲੰਡਰ ਟਰੌਪੀਕਲ ਹੈ,ਇਸ ਵਿੱਚ ਉਹ ਸਾਰੇ ਦੋਸ਼ ਤਾਂ ਹਨ ਹੀ ਜੋ ਟਰੌਪੀਕਲ ਵਿੱਚ ਹਨ,ਇਸ ਤੋਂ ਬਿਨਾਂ ਇਸ ਨੇ ਇਤਿਹਾਸਕ ਸਰੋਤਾਂ ਨੂੰ ਨਜ਼ਰ ਅੰਦਾਜ਼ ਕਰਕੇ ਗੁਰਪੁਰਬ ਦੀਆਂ ਮਿਤੀਆਂ ਨੂੰ ਮਿੱਥਣ ਦੀ ਅਤੇ ਖਗੋਲ ਵਿਦਿਆ ਨਾਲ ਛੇੜਛਾੜ ਕਰਕੇ ਸੰਗਰਾਦਾਂ ਨੂੰ ਮਿੱਥਣ ਦੀ ਮਹਾਂ ਭੁੱਲ ਕੀਤੀ ਹੈ। ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਨੂੰ ਸਾਡਾ ਇਹ ਸਵਾਲ ਹੈ ਕਿ ਜੋ ਕੈਲੰਡਰ ਗੁਰਬਾਣੀ ਵਾਲੇ ਬਾਰਾਮਾਂਹ ਵਾਲੇ ਮੌਸਮਾਂ ਅਨੁਸਾਰ ਚੱਲ ਰਿਹਾ ਹੈ ਅਤੇ ਅਗੇ ਤੋਂ ਵੀ ਚਲਦਾ ਰਹੇਗਾ,ਉਸ ਅਨੁਸਾਰ ਪੋਹ ਸੁਦੀ ਸੱਤਵੀਂ ਨੂੰ ਗੁਰਪੁਰਬ ਮਨਾਉਣਾ ਸਿਆਣਪ ਹੈ ਜਾਂ ਫਿਰ ਉਸ ਅਨੁਸਾਰ ਜੋ ਟਰੌਪੀਕਲ ਹੋਣ ਕਰਕੇ ਬਾਰਾਂਮਾਹ ਦੇ ਮਹੀਨਿਆਂ ਅਤੇ ਰੁੱਤਾਂ ਨੂੰ ਪਿੱਛੇ ਛੱਡ ਜਾਏਗਾ?ਬਾਰਾਮਾਂਹ ਵਿੱਚ ਗੁਰੂ ਸਾਹਿਬ ਜੋ ਰੁੱਤਾਂ ਦਾ ਵਰਣਨ ਕਰ ਰਹੇ ਹਨ ,ਜਦੋਂ ਨਾਨਕਸ਼ਾਹੀ ਕੈਲੰਡਰ ਦੀਆਂ ਰੁੱਤਾਂ ਉਹ ਨਹੀਂ ਹੋਣਗੀਆਂ ਤਾਂ ਗੁਰਮਤਿ ਦੇ ਸਿਧਾਂਤ ਨੂੰ ਖੋਰਾ ਲਗੇਗਾ ਹੀ। ਬਿਕਰਮੀ ਕੈਲੰਡਰ ਉਹੋ ਹੀ ਕੈਲੰਡਰ ਹੈ ਜੋ ਗੁਰੂ ਸਾਹਿਬ ਦੇ ਵੇਲੇ ਸੀ,ਸਮੇਂ ਸਮੇਂ ਤੇ ਇਸ ਵਿੱਚ ਵਿਗਿਆਨੀ ਖਗੋਲ ਵਿਗਿਆਨ ਅਨੁਸਾਰ ਨਿੱਕੀਆਂ ਮੋਟੀਆਂ ਸੋਧਾਂ ਕਰਦੇ ਰਹਿੰਦੇ ਹਨ,ਨਾਨਕਸ਼ਾਹੀ ਕੈਲੰਡਰ ਵਾਂਗ ਉਸਦਾ ਤਲਾ ਮੂਲਾ ਨਹੀਂ ਬਦਲ ਦਿੰਦੇ।੧੯੬੪ ਵਾਲੀ ਸੋਧ ਵੀ ਅਜਿਹੀ ਹੀ ਸੌਧ ਸੀ ਇਸ ਵਿੱਚ ਹਿੰਦੂ ਅਤੇ ਸਿੱਖ ਵਿਦਿਵਾਨ ਵਾਲੀ ਕੋਈ ਗੱਲ ਨਹੀਂ ਹੈ।ਜੇਕਰ ਨਾਨਕਸ਼ਾਹੀ ਕੈਲੰਡਰ ਨਾਲ ਸਿੱਖ ਇਸਾਈ ਨਹੀਂ ਬਣਦੇ ਤਾਂ ਫਿਰ ਬਿਕਰਮੀ ਨਾਲ ਵੀ ਹਿੰਦੂ ਨਹੀਂ ਬਣ ਸਕਦੇ। ਸਾਰਅੰਸ਼:-ਬਿਕਰਮੀ ਕੈਲੰਡਰ ਦੋਸ਼ ਰਹਿਤ ਹੈ ਅਤੇ ਆਪਣੀ ਇੱਕ ਖਾਸ ਵਿਚਾਰਧਾਰਾ ਰੱਖਦਾ ਹੈ।ਇਸਦੇ ਮਹੀਨਿਆਂ ਦੇ ਨਾਵਾਂ ਦੀ ਕੋਈ ਭੂਮਿਕਾ ਹੈ।ਕਿਸ ਮਹੀਨੇ ਦਾ ਕੀ ਨਾਂਵ ਹੈ,ਇਸਦਾ ਕੋਈ ਨਾ ਕੋਈ ਕਾਰਣ ਹੈ।ਨਾਨਕਸ਼ਾਹੀ ਕੈਲੰਡਰ ਜੋ ਸਿਰਫ ਟਰੌਪੀਕਲ ਅਧਾਰ ਵਾਲਾ ਸੂਰਜੀ ਕੈਲੰਡਰ ਹੈ ,ਇਸਦੇ ਮਹੀਨਿਆਂ ਦੇ ਨਾਂਵ ਚੇਤ ਵਿਸਾਖ ਆਦਿ ਕਿਉਂ ਹਨ,ਇਸਦਾ ਜਵਾਬ ਕੌਣ ਦਏਗਾ?ਬਿਕਰਮੀ ਕੈਲੰਡਰ ਵਿੱਚ ਸੰਗਰਾਂਦ ਦੀ ਕੋਈ ਪਰਿਭਾਸ਼ਾ ਹੈ,ਨਾਨਕਸ਼ਾਹੀ ਕੈਲੰਡਰ ਦੀ ਸੰਗਰਾਂਦ ਦੀ ਕੀ ਪਰਿਭਾਸ਼ਾ ਹੈ?ਮਹੀਨਿਆਂ ਦੇ ਨਕਲੀ ਨਾਂਵ,ਨਕਲੀ ਸੰਗਰਾਂਦਾਂ ਅਤੇ ਨਕਲੀ ਮਿਤੀਆਂ ਵਾਲਾ ਕੈਲੰਡਰ ਸਿਰਫ ਅਡੰਬਰ ਹੀ ਕਹਿਲਵਾ ਸਕਦਾ ਹੈ ਜੋ ਕਿ ਸਿੱਖ ਇਤਿਹਾਸ ਨੂੰ ਮਿਥਹਾਸ ਵਿੱਚ ਬਦਲਣ ਵਾਸਤੇ ਰਚਿਆ ਗਿਆ ਹੈ । ਅਮਰਜੀਤ ਕੌਰ ਬੈਲਜੀਅਮ
Posted on: Mon, 26 Jan 2015 22:47:33 +0000

Trending Topics



Recently Viewed Topics




© 2015