ਅੱਜ ਦਾ ਮੁਖਵਾਕ 20-12-14 ਸੂਹੀ - TopicsExpress



          

ਅੱਜ ਦਾ ਮੁਖਵਾਕ 20-12-14 ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥ ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥ ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥ {ਪੰਨਾ 783} ਅਰਥ: ਹੇ ਭਾਈ! (ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ। ਹੇ ਭਾਈ! (ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ-) ਧਰਤੀ ਸੋਹਣੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ। (ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, (ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ) ਸਾਰਾ ਉੱਦਮ ਪਰਮਾਤਮਾ ਸਿਰੇ ਚਾੜ੍ਹ ਦੇਂਦਾ ਹੈ, (ਉਸ ਮਨੁੱਖ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। (ਉਸ ਮਨੁੱਖ ਦੀ) ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, (ਉਸ ਦੇ) ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ। ਹੇ ਨਾਨਕ! ਪਰਮੇਸਰ ਨੇ ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਸਦਾ ਹੀ ਕਾਇਮ ਰੱਖਿਆ ਹੈ (ਕਿ ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ) ਨਾਮ ਸਿਮਰਨਾ ਸ਼ੁਰੂ ਕਰ ਦਿੱਤਾ। ਉਸ ਸਰਬ-ਵਿਆਪਕ ਅਤੇ ਕਦੇ ਨਾਹ ਨਾਸ ਹੋਣ ਵਾਲੇ ਪਰਮਾਤਮਾ ਦੀ (ਇਹੀ) ਸਿਫ਼ਤਿ (ਪੁਰਾਣੇ ਧਰਮ-ਪੁਸਤਕਾਂ) ਵੇਦਾਂ ਅਤੇ ਪੁਰਾਣਾਂ ਨੇ (ਭੀ) ਕੀਤੀ ਹੈ।੧।
Posted on: Sat, 20 Dec 2014 04:49:06 +0000

Trending Topics



Recently Viewed Topics




© 2015