ਕੁਰਾਹੇ ਪਿਆ ਪੰਜਾਬੀ - TopicsExpress



          

ਕੁਰਾਹੇ ਪਿਆ ਪੰਜਾਬੀ ਨੌਜਵਾਨ( my artical publish in punjabi Tribune) Posted On October - 30 - 2013ਚਰਨਜੀਤ ਕੌਰ ਚੰਨੀ ਕਿਸੇ ਵੀ ਦੇਸ਼ ਜਾਂ ਸਮਾਜ ਦੀ ਤਰੱਕੀ ਵਿੱਚ ਉੱਥੋਂ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿੱਚ ਨੌਜਵਾਨ ਇੱਕ ਅਜਿਹੀ ਘੁੰਮਣਘੇਰੀ ਵਿੱਚ ਫਸਿਆ ਨਜ਼ਰ ਆਉਂਦਾ ਹੈ, ਜਿਸ ’ਚੋਂ ਬਾਹਰ ਨਿਕਲਣ ਦਾ ਰਾਹ ਉਸ ਨੂੰ ਨਹੀਂ ਮਿਲ ਰਿਹਾ। ਅਜਿਹੀ ਸਥਿਤੀ ਨੌਜਵਾਨਾਂ ਲਈ ਲਈ ਬੇਹੱਦ ਖ਼ਤਰਨਾਕ ਹੈ। ਜੇਕਰ ਵਿਸ਼ਵ ਪੱਧਰ ’ਤੇ ਨਜ਼ਰ ਮਾਰੀ ਜਾਵੇ ਤਾਂ ਨੌਜਵਾਨ ਨਸਲੀ ਹਮਲਿਆਂ ਵਿੱਚ ਮੋਹਰੀ ਹਨ। ਭਾਰਤ ਦੇ ਨੌਜਵਾਨ ਬਲਾਤਕਾਰ ਜਿਹੀਆਂ ਅਤਿ-ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਫ਼ਾਂਸੀ ਦੇ ਤਖ਼ਤਿਆਂ ਤਕ ਪਹੁੰਚ ਰਹੇ ਹਨ। ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਪੈਗ਼ੰਬਰਾਂ ਦੀ ਪਵਿੱਤਰ ਜਨਮ ਭੂਮੀ ਪੰਜਾਬ ਦਾ ਨੌਜਵਾਨ ਵੀ ਦਿਨ-ਬ-ਦਿਨ ਆਚਰਣ-ਹੀਣਤਾ ਦੀ ਡੂੰਘੀ ਖੱਡ ਵਿੱਚ ਡਿੱਗਦਾ ਜਾ ਰਿਹਾ ਹੈ। ਉਸ ਨੇ ਕਿਰਤ ਸੱਭਿਆਚਾਰ ਤੋਂ ਮੁੱਖ ਮੋੜ ਕੇ ਸਿਰਫ਼ ਐਸ਼ਪ੍ਰਸਤੀ ਨੂੰ ਹੀ ਜੀਵਨ ਦਾ ਮੁੱਖ ਮਕਸਦ ਸਮਝ ਲਿਆ ਹੈ। ਨਵੀਂ ਉਮਰ ਦੇ ਨੌਜਵਾਨਾਂ ਵਿੱਚ ਨੈਤਿਕ ਪੱਖੋਂ ਇੰਨੀ ਗਿਰਾਵਟ ਆ ਗਈ ਹੈ ਕਿ ਹੁਣ ਉਨ੍ਹਾਂ ਵੱਲੋਂ ਆਪਣੇ ਬਜ਼ੁਰਗਾਂ ਅਤੇ ਅਧਿਆਪਕਾਂ ਦੀਆਂ ਸਿੱਖਿਆਵਾਂ ਉਪਰ ਅਮਲ ਕਰਨਾ ਤਾਂ ਦੂਰ ਰਿਹਾ, ਉਹ ਆਪਣੇ ਸਕੇ ਮਾਪਿਆਂ ਤੋਂ ਵੀ ਬਾਗ਼ੀ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬੀ ਨੌਜਵਾਨ ਦੀ ਅਜਿਹੀ ਦੁਰਦਸ਼ਾ ਤੋਂ ਇੱਥੋਂ ਦਾ ਚਿੰਤਨਸ਼ੀਲ ਵਰਗ ਬੇਹੱਦ ਨਿਰਾਸ਼ ਹੈ। ਇਹ ਇੱਕ ਅਟੱਲ ਸੱਚਾਈ ਹੈ ਕਿ ਹਰ ਯੁੱਗ ਦੇ ਸਮਾਜ ਨੇ ਉਦੋਂ ਹੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ਜਦੋਂ ਉੱਥੋਂ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਵਿੱਚ ਉਚਿਤ ਤਾਲਮੇਲ ਪੈਦਾ ਹੋਇਆ ਹੈ, ਕਿਉਂਕਿ ਬਜ਼ੁਰਗਾਂ ਕੋਲ ਜੀਵਨ ਦਾ ਤਜਰਬਾ ਅਤੇ ਹੋਸ਼ ਹੁੰਦਾ ਹੈ ਪਰ ਨੌਜਵਾਨਾਂ ਕੋਲ ਸਿਰਫ਼ ਜੋਸ਼। ਨੌਜਵਾਨੀ ਦੀ ਉਮਰ ’ਚ ਪੈਰ ਧਰ ਰਹੇ ਬੱਚਿਆਂ ਵੱਲ ਮਾਪਿਆਂ, ਬਜ਼ੁਰਗਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਇਹ ਇੱਕ ਅਜਿਹੀ ਉਮਰ ਹੈ ਜਦੋਂ ਨੌਜਵਾਨਾਂ ਅੰਦਰੋਂ ਜੀਵਨ ਊਰਜਾ ਬਾਹਰ ਆਉਂਦੀ ਹੈ। ਜੇਕਰ ਭਲੇ ਸੱਜਣ-ਪੁਰਸ਼ਾਂ ਦੇ ਸਹਿਯੋਗ ਨਾਲ ਅਜਿਹੇ ਮੌਕੇ ਨੌਜਵਾਨਾਂ ਨੂੰ ਸਹੀ ਸੇਧ ਮਿਲ ਜਾਵੇ ਤਾਂ ਉਹ ਆਪਣੇ ਪਿੰਡ, ਸ਼ਹਿਰ, ਕੌਮ, ਸਮਾਜ ਤੇ ਦੇਸ਼ ਲਈ ਮਹਾਨ ਕਾਰਜ ਕਰ ਸਕਦੇ ਹਨ ਤੇ ਰੋਲ ਮਾਡਲ ਬਣ ਕੇ ਹੋਰ ਨੌਜਵਾਨਾਂ ਲਈ ਵੀ ਇੱਕ ਚਾਨਣਮੁਨਾਰਾ ਸਿੱਧ ਹੋ ਸਕਦੇ ਹਨ ਪਰ ਮੰਦੇ ਭਾਗੀਂ ਜੇ ਨੌਜਵਾਨਾਂ ਦੀ ਇਸ ਉਮਰ ਦੀ ਪ੍ਰਚੰਡ ਊਰਜਾ ਦਾ ਵਹਿਣ ਨੀਵੇਂ ਪਾਸੇ ਜਾਂ ਨਕਾਰਾਤਮਕ ਪਾਸੇ ਵੱਲ ਹੋ ਜਾਵੇ ਤਾਂ ਉਹ ਖ਼ੁਦ ਤਾਂ ਨਰਕ ਭੋਗਦੇ ਹੀ ਹਨ ਸਗੋਂ ਆਪਣੇ ਮਾਪਿਆਂ ਲਈ ਵੀ ਕਲੰਕ ਬਣ ਜਾਂਦੇ ਹਨ। ਇਹ ਉਹ ਵਰਗ ਹੈ ਜਿਸਨੇ ਅੱਜ ਸਮੈਕ ਵਰਗੇ ਨਸ਼ਿਆਂ ਦਾ ਗ਼ੁਲਾਮ ਬਣ ਕੇ ਇਸ ਧਰਤੀ ’ਤੇ ਹੀ ਆਪਣੇ ਲਈ ‘ਨਰਕ’ ਦੀ ਸਿਰਜਣਾ ਕਰ ਲਈ ਹੈ। ਬੜੇ ਹੀ ਦੁੱਖ ਦੀ ਗੱਲ ਹੈ ਕਿ ਨੌਜਵਾਨਾਂ ਦੇ ਅਜਿਹੇ ਨਸ਼ੱਈ ਸਮੂਹਾਂ ਵਿੱਚ ਕਈ ਪੜ੍ਹੇ-ਲਿਖੇ ਵੀ ਸ਼ਾਮਲ ਹਨ। ਦਰਅਸਲ ਉਹ ਇਸ ਤੱਥ ਤੋਂ ਬਿਲਕੁਲ ਅਣਜਾਣ ਹਨ ਕਿ ਅਸਲੀ ਆਨੰਦ ਜਾਂ ਖ਼ੁਸ਼ੀ ਨਸ਼ਿਆਂ ਦੇ ਥੋੜ੍ਹਚਿਰੇ ਹੁਲਾਰਿਆਂ ਵਿੱਚ ਨਹੀਂ ਸਗੋਂ ਜੀਵਨ ਨੂੰ ਸਹਿਜ ਬਣਾਉਣ ਤੇ ਸਮਝਣ ਵਿੱਚ ਹੈ। ਸਾਡੀ ਅਸਲ ਦੌਲਤ-ਮੋਬਾਈਲ, ਪੈਸਾ, ਕਾਰਾਂ ਜਾਂ ਕੋਠੀਆਂ ਨਹੀਂ ਸਗੋਂ ਚੇਤਨਾ ਹੈ। ਉਹ ਇਹ ਨਹੀਂ ਜਾਣਦੇ ਕਿ ਨਸ਼ੇ ਪਹਿਲਾਂ ਸਰੀਰ ਨੂੰ ਰੋਗੀ ਬਣਾਉਂਦੇ ਹਨ, ਫਿਰ ਮਨ ਨੂੰ ਰੋਗੀ ਬਣਾਉਂਦੇ ਹਨ ਅਤੇ ਅਖੀਰ ਉਨ੍ਹਾਂ ਦੀ ਜਮੀਰ ਜਾਂ ਆਤਮਾ ਵੀ ਰੋਗੀ ਹੋ ਜਾਂਦੀ ਹੈ। ਇਹੋ ਕਾਰਨ ਹੈ ਕਿ ਅਜਿਹੇ ਲੋਕ ਸਿਰਫ਼ ਬਲਾਤਕਾਰ ਵਰਗੀਆਂ ਘਟਨਾਵਾਂ ਤੇ ਲੁੱਟਾਂ-ਖੋਹਾਂ ਵਿਚ ਹੀ ਸ਼ਾਮਲ ਨਹੀਂ ਹੁੰਦੇ ਸਗੋਂ ਕਈ ਵਾਰ ਨਸ਼ਿਆਂ ਤੋਂ ਵਰਜਣ ’ਤੇ ਆਪਣੇ ਰੱਬ ਵਰਗੇ ਮਾਪਿਆਂ ਦਾ ਵੀ ਕਤਲ ਕਰ ਦਿੰਦੇ ਹਨ। ਨੌਜਵਾਨਾਂ ਦੀ ਦੁਰਦਸ਼ਾ ਨੂੰ ਦੇਖਦਿਆਂ ਇੱਕ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਆਖ਼ਰ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ ਅਤੇ ਇਸ ਸਮੱਸਿਆ ਦਾ ਹੱਲ ਕਿਵੇਂ ਖੋਜਿਆ ਜਾ ਸਕਦਾ ਹੈ? ਅਸੀਂ ਹਮੇਸ਼ਾਂ ਸੋਚਦੇ ਹਾਂ ਕਿ ਸਾਡੇ ਰਾਜਨੇਤਾ ਇਸ ਬਾਰੇ ਕੁਝ ਕਰਨਗੇ ਪਰ ਇਹ ਇੱਕ ਵੱਡਾ ਭੁਲੇਖਾ ਹੈ, ਕਿਉਂਕਿ ਜ਼ਿਆਦਾਤਰ ਨੇਤਾ ਸੁਆਰਥ, ਮੌਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਦੇ ਮੱਕੜਜਲ ਵਿੱਚ ਫਸ ਚੁੱਕੇ ਹਨ। ਇਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਇੰਨਾ ਅੰਤਰ ਆ ਚੁੱਕਿਆ ਹੈ ਕਿ ਉਨ੍ਹਾਂ ਉਪਰ ਹੁਣ ਵਿਸ਼ਵਾਸ਼ ਕਰਨਾ ਆਪਣੇ-ਆਪ ਨੂੰ ਧੋਖਾ ਦੇਣ ਦੇ ਸਮਾਨ ਹੈ। ਕੁਰਾਹੇ ਪਾਏ ਨੌਜਵਾਨਾਂ ਨੂੰ ਸਹੀ ਮਾਰਗ ’ਤੇ ਲਿਆਉਣ ਲਈ ਅੱਜ ਸਮੇਂ ਦੀ ਮੰਗ ਹੈ ਕਿ ਸਮਾਜਸੇਵੀ ਸੰਸਥਾਵਾਂ ਖੁੱਲ ਕੇ ਅੱਗੇ ਆਉਣ ਅਤੇ ਹੇਠਲੇ ਪੱਧਰ ’ਤੇ ਨੌਜਵਾਨ ਕ੍ਰਾਂਤੀ ਲਈ ਸੁਚੱਜੇ ਪ੍ਰੋਗਰਾਮ ਉਲੀਕੇ ਜਾਣ। ਪੰਜਾਬ ਦੇ ਧਨਾਢ ਅਤੇ ਪਰਵਾਸੀ ਪੰਜਾਬੀ ਹਰ ਜ਼ਿਲ੍ਹੇ ਵਿੱਚ ਚੰਗੇ ਨਸ਼ਾ ਛਡਾਊ ਕੇਂਦਰ ਖੋਲ੍ਹਣ ਲਈ ਅੱਗੇ ਆਉਣ। ਧਾਰਮਿਕ ਆਗੂ ਸਮਾਜ ਦੀ ਇਸ ਬੁਰਾਈ ਦੀ ਜੜ੍ਹ ਪੁੱਟਣ ਲਈ ਆਪਣਾ ਧਰਮ ਨਿਭਾਉਣ। ਕਲਾਕਾਰ ਅਤੇ ਸਾਹਿਤਕਾਰ ਨਿਰੀ ਆਕਾਸ਼ੀ ਕਲਪਨਾ ਉਡਾਰੀਆਂ ਦੀ ਥਾਂ ਸਮਾਜ ਦੀ ਮੁੱਖ ਜ਼ਰੂਰਤ ਅਨੁਸਾਰ ਸਾਹਿਤ ਸਿਰਜਣਾ ਕਰਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕ ਸਾਡੀ ਸ਼ਾਨਾਮੱਤੀ ‘ਗੁਰੂ-ਸ਼ਿਸ਼ ਪਰੰਪਰਾ’ ਦੇ ਧਾਰਨੀ ਬਣਦਿਆਂ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਦੀ ਸਿਰਜਨਾ ਲਈ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਯਤਨਸ਼ੀਲ ਹੋਣ। ਸਭ ਤੋਂ ਵੱਡੀ ਜ਼ਿੰਮੇਵਾਰੀ ਮੀਡੀਆ ਦੀ ਹੈ ਕਿ ਉਹ ਸਿਰਫ਼ ਵਪਾਰਕ ਸੰਸਥਾ ਦੀ ਤਰ੍ਹਾਂ ਕੰਮ ਨਾ ਕਰੇ ਬਲਕਿ ਸਮਾਜ ਪ੍ਰਤੀ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਉਂਦਿਆਂ ਲੋਕ ਚੇਤਨਾ ਵੱਲ ਵਿਸ਼ੇਸ਼ ਧਿਆਨ ਦੇਵੇ। ਹਰ ਬੱਚੇ ਦੀ ਪਹਿਲੀ ਪਾਠਸ਼ਾਲਾ ਉਸ ਦਾ ਆਪਣਾ ਘਰ ਅਤੇ ਪਹਿਲੇ ਗੁਰੂ ਉਸ ਦੇ ਮਾਂ-ਬਾਪ ਹੁੰਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਕਠਿਨ ਜੀਵਨ ਜਾਚ ਦੇ ਧਾਰਨੀ ਬਣਾਉਣ। ਉਨ੍ਹਾਂ ਨੂੰ ਵਾਧੂ ਧਨ ਦੇ ਕੇ ਉਨ੍ਹਾਂ ਦੀਆਂ ਬੇਲੋੜੀਆਂ ਸ਼ਰਤਾਂ ਪੂਰੀਆਂ ਨਾ ਕਰਨ। ਪੁਰਾਣੇ ਸਮਿਆਂ ’ਚ ਪਿੰਡਾਂ ਨੂੰ ਗਾਮ-ਰਾਮ ਕਹਿ ਦਿੱਤਾ ਜਾਂਦਾ ਸੀ, ਇਹ ‘ਰਾਮ’ ਸ਼ਬਦ ਸਰਬ ਪਾਸੇ ਰਮੇਂ ਹੋਏ ‘ਰਾਮ’ ਦਾ ਪ੍ਰਤੀਕ ਸੀ। ਕੁਝ ਵੀ ਹੋਵੇ ਇਸ ਪਿੱਛੇ ਲੋਕ-ਭਾਵਨਾ ਬੜੀ ਹੀ ਸ਼ੁੱਧ ਅਤੇ ਪਵਿੱਤਰ ਸੀ। ਅੱਜ ‘ਗਾਮ-ਰਾਮ’ ਦੇ ਸੰਯੋਜਕ ਸ਼ਬਦ ਵਿੱਚੋਂ ‘ਰਾਮ’ ਅਲੋਪ ਹੋ ਗਿਆ ਹੈ, ਸਿਰਫ਼ ਗਾਮ (ਪਿੰਡ) ਰਹਿ ਗਏ ਹਨ। ਪੁਰਾਣੇ ਬਜ਼ੁਰਗ ਪਿੰਡਾਂ ’ਚ ਹਰ ਬੁਰਾਈ ਦਾ ਡਟ ਕੇ ਵਿਰੋਧ ਕਰਦੇ ਸਨ ਅਤੇ ਨੌਜਵਾਨਾਂ ਦੇ ਮਾਰਗ-ਦਰਸ਼ਕ ਬਣਦੇ ਸਨ। ਜੇਕਰ ਅੱਜ ਵੀ ‘ਸਮੂਹ ਅਤੇ ਮਰਿਆਦਾ’ ਦਾ ਪੁਰਾਣਾ ਮਾਡਲ ਸੁਰਜੀਤ ਕਰ ਲਿਆ ਜਾਵੇ ਤਾਂ ਰਸਤੇ ਤੋਂ ਭਟਕਿਆ ਅੱਜ ਦਾ ਪੰਜਾਬੀ ਨੌਜਵਾਨ ਮੁੜ ਮੁੱਖ ਧਾਰਾ ਵਿੱਚ ਸਹਿਜੇ ਹੀ ਲਿਆਂਦਾ ਜਾ ਸਕਦਾ ਹੈ।
Posted on: Sat, 02 Nov 2013 16:15:33 +0000

Trending Topics




© 2015